ਬਲੂਮਿੰਗ ਬਡਜ਼ ਸਕੂਲ ਵਿੱਚ ‘ਭੂਚਾਲ ਆਉਣ ਤੇ ਬਚਾਅ ਕਰਨ’ ਦੀ ਮੌਕ ਡਰਿੱਲ ਕਰਵਾਈ ਗਈ।

ਜ਼ਿਲਾ ਪ੍ਰਸ਼ਾਸਨ, ਜ਼ਿਲਾ ਆਪਦਾ ਪ੍ਰਬੰਧਨ ਅਥਾਰਟੀ ਅਤੇ ਸਾਰੇ ਵਿਭਾਗਾਂ ਨੇ ਬਖੂਬੀ ਨਿਭਾਈ ਆਪਣੀ-ਆਪਣੀ ਜ਼ਿੰਮੇਦਾਰੀ – ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੁਲ ਜੋ ਕਿ ਗੁਰੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਹਰ ਤਰ੍ਹਾਂ ਦੇ ਖੇਤਰ ਵਿੱਚ ਮੋਹਰੀ ਰਹਿੰਦੀ ਹੈ। ਇਸ ਸੰਸਥਾ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ‘ ਅਰਥਕੁਇਕ ਅਤੇ ਇਵੈਕੁਏਸ਼ਨ ਡਰਿੱਲ’ ਕਰਵਾਈ ਗਈ। ਇਸ ਡਰਿੱਲ ਦਾ ਮਕਸਦ ਸਕੂਲ ਵਿਦਿਆਰਥੀਆਂ ਅਤੇ ਸਟਾਫ਼ ਨੂੰ ਭੂਚਾਲ ਆਉਣ ਦੀ ਸੂਰਤ ਵਿੱਚ ਬਚਾਓ ਅਤੇ ਆਫ਼ਤ ਪ੍ਰਬੰਧਨ ਦੀ ਸਿਖ਼ਲਾੲi ਦੇਣਾ ਅਤੇ ਹੰਗਾਮੀ ਹਾਲਤ ਪੈਦਾ ਹੋਣ ਉੱਤੇ ਪ੍ਰਸ਼ਾਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ। ਇਸ ਡਰਿੱਲ ਦੌਰਾਨ ਮਾਣਯੋਗ ਐੱਸ.ਡੀ.ਐੱਮ ਮੋਗਾ ਸ਼੍ਰੀ ਸਾਰੰਗਪ੍ਰੀਤ ਸਿੰਘ, ਐਨ ਡੀ ਆਰ ਐਫ ਦੇ ਏਰੀਆ ਮੁਖੀ ਸ਼੍ਰੀ ਡੀ. ਐਲ. ਜਾਖੜ, ਡੀ ਐੱਸ ਪੀ ਸਰਦਾਰ ਜੋਰਾ ਸਿੰਘ, ਜ਼ਿਲ੍ਹਾ ਆਪਦਾ ਪ੍ਰਬੰਧਨ ਅਥਾਰਟੀ ਦੇ ਮੁਖੀ ਸ਼੍ਰੀ ਰਾਮ ਚੰਦਰ ਦੇ ਨਾਲ-ਨਾਲ ਜ਼ਿਲੇ ਦੇ ਵੱਖ-ਵੱਖ ਵਿਭਾਗ ਦੇ ਮੁਖੀਆਂ ਤੇ ਉਹਨਾਂ ਦੇ ਨੋਡਲ ਅਫਸਰ ਇਸ ਡਰਿੱਲ ਵਿੱਚ ਸ਼ਾਮਲ ਹੋਏ। ਇਸ ਵਿਸ਼ੇ ਵਿੱਚ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 1:03 ਵਜੇ ਸਕੂਲ ਵੱਲੋਂ ਭੂਚਾਲ ਆਉਣ ਸਬੰਧੀ ਹੂਟਰ ਵਜਾਇਆ ਗਿਆ ਅਤੇ ਵਿਦਿਆਰਥੀਆਂ ਵੱਲੋਂ ਪਹਿਲਾਂ ‘ਡਰੂਪ ਕਵਰ ਹੋਲਡ’ ਐਕਟੀਵਿਟੀ ਕੀਤੀ ਗਈ ਅਤੇ ਉਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਸਕੂਲ ਬਿਲਿਡਿੰਗ ਤੋਂ ਦੂਰ ਸੁਰੱਖਿਅਤ ਥਾਂ ਤੇ ਲੈਕੇ ਗਏ। ਇਸ ਡਰਿੱਲ ਵਿੱਚ ਸਕੂਲ ਦੇ ਸਟਾਫ ਵੱਲੋਂ ਵੀ ਪੂਰੀ ਤਰ੍ਹਾਂ ਹਿੱਸਾ ਲਿਆ ਗਿਆ। ਇਸ ਡਰਿੱਲ ਦੌਰਾਨ ਇਹ ਦਰਸ਼ਾਇਆ ਜਾਣਾ ਸੀ ਕਿ ਕਿਸ ਤਰ੍ਹਾਂ ਪੁਲਿਸ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਫਸੇ ਹੋਏ ਲੋਕਾਂ ਨੂੰ ਸੁੱਖਿਅਤ ਕੱਢ ਕੇ ਲਿਅਉਂਦੀਆਂ ਹਨ, ਇਸ ਲਈ 10 ਵਿਦਿਆਰਥੀਆਂ ਨੂੰ ਪਹਿਲਾਂ ਹੀ ਸਕੂਲ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੱਖਿਆ ਗਿਆ ਸੀ ਜਿੰਨ੍ਹਾਂ ਨੂੰ ਜਵਾਨਾ ਵੱਲੋਂ ਵੱਖ-ਵੱਖ ਡਰਿੱਲਾਂ ਰਾਹੀਂ ਸੁਰੱਖਿਅਤ ਕੱਢਿਆ ਗਿਆ। ਇਸ ਤੋਂ ਇਲਾਵਾ ਐਨ.ਡੀ.ਆਰ.ਐਫ ਵੱਲੋਂ ਇਨਫਰਮੇਸ਼ਨ ਪੋਸਟ, ਕਮਾਂਡ ਪੋਸਟ, ਕਮਯੂਨੀਕੇਸ਼ਨ ਪੋਸਟ ਅਤੇ ਮੈਡੀਕਲ ਪੋਸਟ ਵੀ ਬਣਾਈ ਗਈ ਸੀ। ਫਸੇ ਹੋਏ ਵਿਦਿਆਰਥੀਆਂ ਨੂੰ ਕੱਢਕੇ ਐਂਬੂਲੈਂਸ ਰਾਹੀਂ ਮੈਡੀਕਲ ਪੋਸਟ ਤੇ ਲਿਜ਼ਾਇਆ ਗਿਆ।ਇਹ ਡਰਿੱਲ 02:00 ਵਜੇ ਮੁਕੰਮਲ ਹੋਈ।ਇਸ ਤੋਂ ਬਾਅਦ ਸਾਰੇ ਵਿਭਾਗਾਂ ਦੇ ਮੁਖੀ ਅਤੇ ਉਹਨਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਇਸ ਡਰਿੱਲ ਸੰਬੰਧੀ ਫੀਡ ਬੈਕ ਲਈ ਗਈ ਅਤੇ ਹਰੇਕ ਵਿਭਾਗ ਵੱਲੋਂ ਸੁਝਾਅ ਲਏ ਗਏ। ਸਕੂਲ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਵੱਲੋਂ ਮੌਕ ਡਰਿੱਲ ਲਈ ਪਹੁੰਚੀ ਐਨ.ਡੀ.ਆਰ.ਐੱਫ ਦੀ ਟੀਮ, ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਤੋਂ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਪਹੁੰਚੇ ਸ੍ਰ ਸਾਰੰਗਪ੍ਰੀਤ ਸਿੰਘ ਐੱਸ ਡੀ ਐੱਮ ਮੋਗਾ ਨੇ ਕਿਹਾ ਕਿ ਸਾਰੇ ਵਿਭਾਗਾਂ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਲੋਕਾਂ ਨੂੰ ਬਚਾਉਣ ਅਤੇ ਸਥਿਤੀ ਨੂੰ ਠੀਕ ਕਰਨ ਲਈ ਆਪਣੀ-ਆਪਣੀ ਬਣਦੀ ਡਿਊਟੀ ਨਿਭਾਈ ਗਈ। ਇਸ ਡਰਿੱਲ ਵਿੱਚ ਹਰ ਤਰ੍ਹਾਂ ਦੇ ਉਪਕਰਨ ਅਤੇ ਸਾਧਨਾਂ ਦੀ ਵਰਤੋਂ ਕੀਤੀ ਗਈ, ਜੋ ਕਿ ਕਿਸੇ ਹੰਗਾਮੀ ਸਥਿਤੀ ਵਿੱਚ ਲੋੜੀਂਦੇ ਹੁੰਦੇ ਹਨ। ਲੋਕਾਂ ਨੂੰ ਇਸ ਸਥਿਤੀ ਨਾਲ ਨਿਪਟਣ ਲਈ ਕੀ-ਕੀ ਤਰੀਕੇ ਵਰਤੇ ਜਾਂਦੇ ਹਨ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਕੁੱਲ ਮਿਲਾ ਕੇ ਇਹ ਮੌਕ ਡਰਿੱਲ ਬਹੁਤ ਹੀ ਸਫ਼ਲ ਅਤੇ ਸਿੱਖਿਆਦਾਇਕ ਰਹੀ। ਉਹਨਾਂ ਵੱਲੋਂ ਇਸ ਸਫ਼ਲ ਡਰਿੱਲ ਲਈ ਸਕੂਲ ਦੇ ਮੁਖੀ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ, ਚੇਅਰਪਰਸਨ ਸ੍ਰੀਮਤੀ ਕਮਲ ਸੈਣੀ ਅਤੇ ਸਕੂਲ ਨੋਡਲ ਅਫ਼ਸਰ ਸ਼੍ਰੀ ਰਾਹੁਲ ਛਾਬੜਾ ਅਤੇ ਸਕੂਲ ਸਟਾਫ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾਂ ਤਿਆਰ ਹੈ। ਅੰਤ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਇਸ ਮੌਕ ਤੇ ਪਹੁੰਚੀਆਂ ਨਾਮੀ ਹਸਤੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ।