ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ, ਬਲੂਮਿੰਗ ਬਡਜ਼ ਸਕੂਲ਼ ਜੋ ਕਿ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ, ਆਸਪਾਸ ਦੇ ਇਲਾਕੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਇਸ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਤਰਜੀਹ ਦੇਣਾ ਹੈ। ਇਸ ਸੰਸਥਾ ਦੇ ਵਿਦਿਆਰਥੀ ਵਿੱਦਿਆ ਦੇ ਨਾਲ-ਨਾਲ, ਖੇਡਾਂ, ਕਲਾ, ਗੀਤ, ਸੰਗੀਤ ਅਤੇ ਹੋਰ ਸੱਭਿਆਚਾਰਕ ਗਤਿਵਿਧੀਆਂ ਵਿੱਚ ਆਏ ਦਿਨ ਸਕੂਲ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਸਕੂਲ ਵੱਲੋਂ ਵੀ ਸਮੇਂ-ਸਮੇਂ ਤੇ ਵੱਖ-ਵੱਖ ਮੌਕਿਆਂ ਉੱਪਰ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਅੱਜ ਸਕੂਲ ਵਿੱਚ ‘ਇੰਟਰਨੈਸ਼ਨਲ ਐਥਲੈਟਿਕ ਡੇ’ ਮਨਾਇਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ-ਵੱਖ ਟਰੈਕ ਈਵੇਂਟਸ ਵਿੱਚ ਹਿੱਸਾ ਲਿਆ ਗਿਆ। ਸੱਭ ਤੋਂ ਪਹਿਲਾਂ ਅੰਡਰ-11 ਲੜਕੇ ਅਤੇ ਲੜਕੀਆਂ ਦੀ 100 ਮੀਟਰ ਸਪ੍ਰਿੰਟ ਕਰਵਾਈ ਗਈ, ਅੰਡਰ-14, ਅੰਡਰ-17 ਲੜਕੇ ਲੜਕੀਆਂ ਦੀ 200 ਮੀਟਰ ਰੇਸ ਕਰਵਾਈ ਗਈ, ਅੰਡਰ-19 ਲੜਕੀਆਂ ਦੀ 100 ਮੀਟਰ ਰੇਸ ਅਤੇ ਅੰਡਰ-19 ਲੜਕਿਆਂ ਦੀ ਹਰਡਲ ਰੇਸ ਕਰਵਾਈ ਗਈ। ਹਰ ਹਾਉਸ ਦੇ ਵਿਦਿਆਰਥੀਆਂ ਨੇ ਇਹਨਾਂ ਰੇਸਾਂ ਵਿੱਚ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਇਸ ਦਿਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ‘ਇੰਟਰਨੈਸ਼ਨਲ ਐਥਲੈਟਿਕ ਡੇ’ਦਾ ਅਯੋਜਨ ਹਰ ਸਾਲ ਆਈ.ਏ.ਏ.ਐਫ. (ਇੰਟਰਨੈਸ਼ਨਲ ਐਮਚਊਰ ਐਥਲੈਟਿਕ ਫੈਡਰੇਸ਼ਨ) ਵੱਲੋਂ ਹਰ ਸਾਲ 7 ਮਈ ਨੂੰ ਕੀਤਾ ਜਾਂਦਾ ਹੈ। ਸੱਭ ਤੋਂ ਪਹਿਲਾਂ ਇਹ ਦਿਨ ਸਾਲ 1996 ਵਿੱਚ ਮਨਾਇਆ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਹਰ ਸਾਲ 100 ਤੋਂ ਵੱਧ ਸਪੋਰਟਸ ਫੈਡਰੇਸ਼ਨਾਂ ਇਸ ਦਿਨ ਨੂੰ ਮਨਾਉਂਦੀਆਂ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਖੇਡਾਂ, ਕਸਰਤ ਅਤੇ ਚੰਗੇ ਸਿਹਤਮੰਦ ਜੀਵਨ ਨੂੰ ਉਤਸ਼ਾਹਿਤ ਕਰਨਾ ਹੈ। ਹਰ ਸਾਲ ਇਹ ਦਿਨ ਇੱਕ ਖਾਸ ਥੀਮ ਦੇ ਅਧੀਨ ਮਨਾਇਆ ਜਾਂਦਾ ਹੈ। ਸਾਲ 2024 ਦੀ ਥੀਮ ਹੈ ‘ਵਲਰਡ ਮਾਈਲ ਚੈਲੇਂਜ’। ਇਸ ਤੋਂ ਇਲਾਵਾ ਨੌਜਾਵਨਾਂ ਨੂੰ ਖੇਡਾਂ ਵੱਲ ਖਿੱਚਣ, ਸਕੂਲਾਂ ਅਤੇ ਹੋਰ ਸਿੱਖਿਅਕ ਅਦਾਰਿਆਂ ਵਿੱਚ ਐਥਲੈਟਿਕ ਨੂੰ ਪ੍ਰਾਈਮਰੀ ਸਪੋਰਟ ਦੇ ਤੌਰ ਤੇ ਤਰਜੀਹ ਦੇਣਾ, ਲੋਕਾਂ ਵਿੱਚ ਖੇਡਾਂ ਪ੍ਰਤੀ ਜਾਗਰੁਕਤਾ ਨੂੰ ਵਧਾਉਣਾ, ਖੇਡਾਂ ਅਤੇ ਨੌਜਵਾਨਾ ਵਿਚਕਾਰ ਇੱਕ ਮਜਬੂਤ ਸੰਬੰਧ ਨੂੰ ਸਥਾਪਿਤ ਕਰਨਾ ਆਦਿ ਵੀ ਇਸ ਦਿਨ ਨੂੰ ਮਨਾਉਣ ਨੇ ਮੁੱਖ ਉਦੇਸ਼ ਹਨ। ਇਸ ਮੌਕੇ ਚੇਅਰਪਰਸਨ ਸ਼੍ਰੀਮਤੀ ਕਮਲ ਸੈਣੀ ਜੀ ਨੇ ਦੱਸਿਆ ਕਿ ਬਲੂਮਿੰਗ ਬਡਜ਼ ਸਕੂਲ ਖਿਡਾਰੀਆਂ ਲਈ ਅੰਤਰ ਰਾਸ਼ਟਰੀ ਪੱਧਰ ਦੇ ਪਲੇਟਫਾਰਮ ਮੁਹੱਈਆ ਕਰਵਾਉਣ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ ਤਾਂ ਜੋ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਸਕੂਲ, ਮਾਪੇ ਤੇ ਜ਼ਿਲੇ ਦਾ ਰੋਸ਼ਨ ਕਰ ਸਕਣ। ਉਹਨਾਂ ਅੱਗੇ ਕਿਹਾ ਕਿ ਸਕੂਲ ਮੈਨਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ–ਨਾਲ ਖੇਡਾਂ ਵਿੱਚ ਵੀ ਹਰੇਕ ਲੋੜੀਂਦੀ ਤੇ ਆਧੁਨਿਕ ਸਹੂਲਤ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ।