ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ 8 ਫਰਵਰੀ ਤੱਕ ਇਕ ਵਾਰ ਫਿਰ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਜਿਸਦਾ ਪੰਜਾਬ ਭਰ ਵਿੱਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨ ਆਫ ਪੰਜਾਬ ਰਜਿ. ਖੁੱਲ੍ਹ ਕੇ ਵਿਰੋਧ ਕਰ ਰਹੀ ਹੈ। ਇਸ ਦੇ ਤਹਿਤ ਹੀ ਅੱਜ ਬਲੂਮਿੰਗ ਬਡਜ਼ ਸਕੂਲ ਦੇ ਅਧਿਆਪਕਾਂ ਤੇ ਸਕੂਲ ਵੈਨ ਡਰਾਇਵਰਾਂ ਵੱਲੋਂ ਮੋਗਾ ਦੇ ਲੋਹਾਰਾ ਚੌਂਕ ਅਤੇ ਹਾਈਵੇ ਤੇ ਸ਼ਾਂਤਮਈ ਤਰੀਕੇ ਨਾਲ ਸਕੂਲ ਬੰਦ ਦਾ ਵਿਰੋਧ ਕੀਤਾ ਤੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲਣ ਦੀ ਮੰਗ ਕੀਤੀ। ਇਸ ਸੰਬੰਧੀ ਸਕੂਲ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਸਾਰੇ ਕੰਮ ਉੁਸੇ ਤਰ੍ਹਾਂ ਹੀ ਚੱਲ ਰਹੇ ਹਨ ਪਰ ਸਕੂਲ ਬੰਦ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮਿਤੀ 31.01.2022 ਨੂੰ ਜਾਰੀ ਇਲੈਕਸ਼ਨ ਕਮਿਸ਼ਨ ਦੇ ਨਵੇਂ ਹੁਕਮਾਂ ਅਨੁਸਾਰ 1000 ਤੱਕ ਦੀ ਗਿਣਤੀ ਲਈ ਰੈਲੀਆਂ ਖੋਲ ਦਿੱਤੀਆਂ ਗਈਆਂ ਹਨ। ਪੰਜਾਬ ਭਰ ਦੇ ਕਈ ਸਕੂਲ ਅਜਿਹੇ ਵੀ ਹਨ ਜਿਹਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000 ਜਾਂ 500 ਤੋਂ ਵੀ ਘੱਟ ਹੈ। ਇਸ ਸੂਰਤ ਵਿੱਚ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਸਾਹਮਣੇ ਆ ਰਹੀਆ ਹਨ ਜਦੋਂ ਕਿ ਕੇਂਦਰ ਸਰਕਾਰ ਨੇ ਸਕੂਲ ਖੋਲਣ ਦੀ ਸਾਰੀ ਜਿੰਮੇਵਾਰੀ ਰਾਜਾਂ ਦੀਆਂ ਸਰਕਾਰਾਂ ਨੂੰ ਦੇ ਦਿੱਤੀ ਹੈ। ਪਰ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਖੋਲਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ। ਪਿਛਲੇ ਸਾਲ ਵੀ ਪੰਜਾਬ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਸਨ ਜਦ ਕਿ ਦੁਨੀਆਂ ਭਰ ਦੇ ਜ਼ਿਆਦਾਤਰ ਸਕੂਲ ਖੁੱਲੇ੍ਹ ਰਹੇ। ਪਿਛਲੇ ਸਾਲ ਵੀ ਸਭ ਤੋਂ ਪਹਿਲਾਂ ਸਕੂਲ ਹੀ ਬੰਦ ਕੀਤੇ ਗਏ ਅਤੇ ਸਭ ਤੋਂ ਅਖੀਰ ਵਿੱਚ ਖੁੱਲੇ੍ਹ ਸਨ। ਗੌਰਤਲਬ ਹੈ ਕਿ ਦੇਸ਼ ਭਰ ਵਿੱਚ ਜਿੱਥੇ ਕਈ ਰਾਜਾਂ ਨੇ 2 ਫਰਵਰੀ ਤੋਂ ਸਕੂਲ ਵਿਦਿਆਰਥੀਆਂ ਲਈ ਖੋਲ ਦਿੱਤੇ ਹਨ ਪਰ ਪੰਜਾਬ ਵਿੱਚ ਸਕੂਲ ਅਜੇ ਤੱਕ ਨਹੀਂ ਖੋਲੇ ਜਾ ਰਹੇ ਜਦ ਕਿ ਬਜ਼ਾਰ, ਸਿਨੇਮਾ ਹਾਲ ਅਤੇ ਹਰ ਕਿਸਮ ਦੇ ਹੋਰ ਸ਼ਾਪਿੰਗ ਮਾਲ ਪਹਿਲਾਂ ਹੀ ਖੁੱਲ੍ਹੇ ਹਨ। ਪਬਲਿਕ ਟਰਾਂਸਪੋਰਟ ਵਿੱਚ ਵੀ ਲੋਕ ਬਿਨਾਂ ਕਿਸੇ ਰੋਕ ਤੋਂ ਸਫਰ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਮਾਪਿਆਂ ਵਿੱਚ ਇਕੱਲੇ ਸਕੂਲਾਂ ਨੂੰ ਬੰਦ ਕਰਨ ਦਾ ਬਹੁਤ ਵੱਡਾ ਰੋਸ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਵਿਦਿਆਰਥੀ ਆਨ-ਲਾਇਨ ਕਲਾਸਾਂ ਲਗਾਉਣ ਲਈ ਮਜਬੂਰ ਹਨ, ਪਰ ਆਨ-ਲਾਇਨ ਕਲਾਸਾਂ ਲਗਾਉਣ ਨਾਲ ਜਿੱਥੇ ਵਿਦਿਆਰਥੀਆਂ ਦੀਆਂ ਅੱਖਾਂ ਤੇ ਬੁਰਾ ਅਸਰ ਪੈ ਰਿਹਾ ਹੈ ਉੱਥੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਵੀ ਅਸਰ ਪੈ ਰਿਹਾ ਹੈ। ਮਾਰਚ ਵਿੱਚ ਵਿਦਿਆਰਥੀਆਂ ਦੀਆਂ ਸਲਾਨਾ ਪ੍ਰਿੱਖਿਆ ਆ ਰਹੀਆਂ ਹਨ ਜਿਸ ਤੋਂ ਪਹਿਲਾਂ ਵਿਦਿਆਰਥੀਆਂ ਦਾ ਸਕੂਲ ਵਿੱਚ ਆ ਕੇ ਪੜਾਈ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਸਾਇੰਸ ਲੈਬ ਵਿੱਚ ਕੀਤੇ ਜਾਣ ਵਾਲੇ ਪ੍ਰਯੋਗ ਵੀ ਸਿੱਖ ਸਕਣ। ਸਕੂਲ ਬੰਦ ਹੋਣ ਕਰਕੇ ਮਾਪੇ ਵੀ ਲਗਾਤਾਰ ਸਕੂਲ ਵਿੱਚ ਸੰਪਰਕ ਕਰ ਰਹੇ ਹਨ ਕਿਉਂਕਿ ਘਰਾਂ ਵਿੱਚ ਰਹਿ ਕੇ ਵਿਦਿਆਰਥੀਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਨਹੀਂ ਹੋ ਪਾ ਰਿਹਾ ਹੈ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲ ਜਲਦੀ ਤੋਂ ਜਲਦੀ ਖੋਲੇ ਜਾਣ।