ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਵਰਲਡ ਹਿੰਦੀ ਡੇ ਮਨਾਇਆ ਗਿਆ। ਜਿੱਥੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵਿਦਿਆਰਥੀ ਸਕੂਲ ਵਿੱਚ ਨਹੀਂ ਆ ਰਹੇ ਉੱਥੇ ਉਨ੍ਹਾਂ ਨੂੰ ਵਿਰਸੇ ਅਤੇ ਸਾਹਿਤ ਨਾਲ ਜੋੜਦੇ ਹੋਏ ਹਰ ਵਿਸ਼ੇਸ ਦਿਨ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਸਕੂਲੀ ਅਧਿਆਪਕਾਂ ਵੱਲੋਂ ਹਿੰਦੀ ਦੇ ਕਵੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੀਆਂ ਕਵਿਤਾਵਾਂ ਵੀ ਪੜ੍ਹੀਆਂ ਅਤੇ ਦੱਸਿਆ ਕਿ ਵਿਸ਼ਵ ਹਿੰਦੀ ਦਿਵਸ ਹਰ ਸਾਲ 10 ਜਨਵਰੀ ਨੂੰ ਮਨਾਇਆ ਜਾਂਦਾ ਹੈ।ਇਸਦਾ ਉਦੇਸ਼ ਵਿਸ਼ਵ ਵਿੱਚ ਹਿੰਦੀ ਦੇ ਪ੍ਰਚਾਰ-ਪ੍ਰਸਾਰ ਲਈ ਜਾਗਰੂਕਤਾ ਪੈਦਾ ਕਰਨਾ ਅਤੇ ਹਿੰਦੀ ਨੂੰ ਅੰਤਰਰਾਸ਼ਟਰੀ ਭਾਸ਼ਾ ਵਿੱਚ ਪੇਸ਼ ਕਰਨਾ ਹੈ। ਸਾਰੇ ਸਰਕਾਰੀ ਦਫਤਰਾਂ ਵਿੱਚ ਅਲੱਗ ਅਲੱਗ ਵਿਸ਼ਿਆਂ ਉੱਤੇ ਹਿੰਦੀ ਵਿੱਚ ਵਿਆਖਿਆਨ ਆਯੋਜਿਤ ਕੀਤੇ ਜਾਂਦੇ ਹਨ। ਵਿਸ਼ਵ ਵਿੱਚ ਹਿੰਦੀ ਦਾ ਵਿਕਾਸ ਕਰਨ ਅਤੇ ਇਸਨੂੰ ਪ੍ਰਚਾਰਿਤ ਅਤੇ ਪ੍ਰਸਾਰਿਤ ਕਰਨ ਦੇ ਉਦੇਸ਼ ਨਾਲ ਵਿਸ਼ਵ ਹਿੰਦੀ ਸੰਮੇਲਨਾਂ ਦੀ ਸ਼ੁਰੂਆਤ ਕੀਤੀ ਗਈ ਅਤੇ ਪਹਿਲਾ ਹਿੰਦੀ ਵਿਸ਼ਵ ਸੰਮੇਲਨ 10 ਜਨਵਰੀ 1975 ਨੂੰ ਨਾਗਪੁਰ ਵਿੱਚ ਆਯੋਜਿਤ ਕੀਤਾ ਗਿਆ ਉਦੋਂ ਤੋਂ ਹੀ ਇਸ ਦਿਨ ਨੂੰ ਵਿਸ਼ਵ ਹਿੰਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹਿੰਦੀ ਦੇ ਅਧਿਆਪਕਾਂ ਵੱਲੋਂ ਕਬੀਰ ਦਾਸ ਜੀ, ਮੀਰਾ ਬਾਈ, ਸੁਲਤਾਨ ਪੁਰੀ, ਹਰਿਵੰਸ਼ ਰਾਏ ਬਚਨ, ਸੁਮਿਤਰਾ ਨੰਦਨ ਪੰਥ, ਜੈ ਸ਼ੰਕਰ ਪ੍ਰਸਾਦ, ਸੂਰਯਕਾਂਤ ਤਿਪਾਠੀ ਨਿਰਾਲਾ, ਮੈਥਲੀ ਸ਼ਰਨ ਗੁਪਤ, ਸ੍ਰੀ ਨਾਥ ਆਦਿ ਕਵੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਭਾਰਤੀਆਂ ਲਈ ਇਹ ਬਹੁਤ ਮਾਣ ਦਾ ਪਲ ਸੀ ਜਦੋਂ ਭਾਰਤ ਦੇ ਸੰਵਿਧਾਨ ਸਭਾ ਨੇ ਹਿੰਦੀ ਨੂੰ ਦੇਸ਼ ਦੀ ਅਧਿਕਾਰਿਤ ਰਾਜਭਾਸ਼ਾ ਦੇ ਰੂਪ ਵਿੱਚ ਅਪਨਾਇਆ ਸੀ। ਹਿੰਦੀ ਦੇ ਖੇਤਰ ਵਿੱਚ ਬਿਹਤਰ ਕੰਮ ਕਰਨ ਵਾਲੇ ਲੋਕਾਂ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਦਿਨ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਇਹ ਦਿਨ ਹਿੰਦੀ ਭਾਸ਼ਾ ਦੇ ਮਹੱਤਵ ਉੱਤੇ ਜ਼ੋਰ ਦੇਣ ਦਾ ਦਿਨ ਹੈ।