ਬਲੂਮਿੰਗ ਬਡਜ਼ ਸਕੂਲ ਮੋਗਾ ਵਿੱਚ ਮਨਾਇਆ ਗਿਆ ਬਸੰਤ ਪੰਚਮੀ ਦਾ ਤਿਉਹਾਰ
ਮਾਂ ਸਰਸਵਤੀ ਜੀ ਦੀ ਅਰਾਧਨਾ ਕਰਕੇ ਵਿਦਿਆਰਥੀਆਂ ਨੇ ਪਤੰਗਾਂ ਉਡਾ ਕੇ ਆਨੰਦ ਮਾਣਿਆ
ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਅੱਜ ਸੰਸਥਾ ਵਿੱਚ ਬਸੰਤ ਪੰਚਮੀ ਮਨਾਉਂਦੇ ਹੋਏ ਬੱਚਿਆਂ ਵੱਲੋਂ ਮਾਤਾ ਸਰਸਵਤੀ ਜੀ ਦੀ ਅਰਾਧਨਾ ਕੀਤੀ ਗਈ ਅਤੇ ਸਬੰਧਤ ਆਰਟੀਕਲ, ਸੁੰਦਰ ਚਾਰਟ ਆਦਿ ਬਣਾ ਕੇ ਪੇਸ਼ ਕੀਤੇ ਗਏ। ਆਰਟਿਕਲ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਬਸੰਤ ਪੰਚਮੀ ਦੇ ਤਿਉਹਾਰ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਤਿਉਹਾਰ ਨੂੰ ਰੁੱਤਾਂ ਦੇ ਰਾਜਾ ਦਾ ਤਿਉਹਾਰ ਮੰਨਿਆ ਜਾਂਦਾ ਹੈ। ਬਸੰਤ ਪੰਚਮੀ ਬਸੰਤ ਰੁੱਤ ਤੋਂ ਸ਼ੁਰੂ ਹੋ ਕੇ ਫੱਗਣ ਮਾਸ ਦੇ ਕ੍ਰਿਸ਼ਨ ਪੱਖ ਦੀ ਪੰਚਮੀ ਤੱਕ ਚਲਦੀ ਹੈ। ਇਹ ਤਿਉਹਾਰ ਕਲਾ ਅਤੇ ਸਿੱਖਿਆ ਦੇ ਪ੍ਰੇਮੀਆਂ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੀਲਾ ਰੰਗ ਆਕਰਸ਼ਣ ਦਾ ਕੇਂਦਰ ਹੁੰਦਾ ਹੈ। ਲੋਕ ਪੀਲੇ ਰੰਗ ਦੇ ਕੱਪੜੇ ਪਾਉਂਦੇ ਹਨ। ਇਸ ਉਪਰੰਤ ਵਿਦਿਆਰਥੀਆਂ ਨੇ ਸੰਸਥਾ ਦੇ ਖੇਡ ਦੇ ਮੈਦਾਨ ਵਿੱਚ ਰੰਗ ਬਿਰੰਗੀਆਂ ਪਤੰਗਾਂ ਉਡਾਈਆਂ। ਸਾਰੇ ਵਿਦਿਆਰਥੀਆਂ ਨੇ ਪਤੰਗਾਂ ਉਡਾਉਣ ਤੋਂ ਪਹਿਲਾਂ ਚਾਈਨਾ ਡੋਰ ਨਾ ਵਰਤਣ ਦੀ ਸੁੰਹ ਚੁੱਕੀ ਅਤੇ ਸਾਰਿਆਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਨਾਲ ਮਿਲ ਕੇ ਪਤੰਗਾਂ ਉਡਾਈਆਂ ਜਿਸ ਨੂੰ ਦੇਖ ਕੇ ਵਿਦਿਆਰਥੀ ਵੀ ਬਹੁਤ ਖੁਸ਼ ਸਨ। ਉਹਨਾਂ ਨੇ ਵਿਦਿਆਰਥੀਆਂ ਨੂੰ ਪਤੰਗ ਉਡਾਉਣ ਵੇਲੇ ਸਾਵਧਾਨੀਆਂ ਵਰਤਨ ਲਈ ਪ੍ਰੇਰਿਤ ਕੀਤਾ ਅਤੇ ਖਾਸ ਤੌਰ ਤੇ ਚਾਇਨਾ ਡੋਰ ਦੇ ਸੰਬੰਧ ਵਿੱਚ ਉਹਨਾਂ ਨੇ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ। ਉਹਨਾਂ ਨੇ ਉਚੇਚੇ ਤੌਰ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਸੰਸਥਾ ਵਿੱਚ ਹਰ ਤਿਉਹਾਰ ਬੜੇ ਚਾਅ ਅਤੇ ਪ੍ਰੇਮ ਭਾਵਨਾ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤਾਂ ਜੋ ਬੱਚਿਆਂ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕੀਤੀ ਜਾ ਸਕੇ।