Latest News & Updates

ਬਲੂਮਿੰਗ ਬਡਜ਼ ਸਕੂਲ਼ ਦੀ ‘ਸੁਗੰਧੀ’ ਨੇ ‘ਡਾਂਸ ਮੋਗਾ ਡਾਂਸ-2’ ਮੁਕਾਬਲੇ ਵਿੱਚ ਹਾਸਿਲ ਕੀਤਾ ਦੂਸਰਾ ਸਥਾਨ

ਟ੍ਰਾਫੀ, ਮੈਡਲ, ਸਰਟੀਫਿਕੇਟ ਦੇ ਨਾਲ-ਨਾਲ 11000/- ਦਾ ਨਕਦ ਇਨਾਮ ਵੀ ਜਿੱਤਿਆ - ਪ੍ਰਿੰਸੀਪਲ

ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਜੋ ਕਿ ਬੀ.ਬੀ.ਐੱਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਦੀ ਯੋਗ ਅਗੁਵਾਈ ਹੇਠ ਪੜ੍ਹਾਈ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਸਦਕਾ ਇਲਾਕੇ ਵਿੱਚ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ। ਇਸ ਸਕੂਲ ਦੇ ਵਿਦਿਆਰਥੀ ਆਏ ਦਿਨ ਕਿਸੇ ਨਾਂ ਕਿਸੇ ਖੇਤਰ ਵਿੱਚ ਵੱਖ-ਵੱਖ ਮੁਕਾਬਲਿਆਂ ਦੋਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਇਸੇ ਸੋਚ ਅਤੇ ਜਜ਼ਬੇ ਨੂੰ ਕਾਇਮ ਰੱਖਦੇ ਹੋਏ ਸਕੂਲ ਦੀ ਨੌਵੀਂ ਕਲਾਸ ਦੀ ਵਿਦਿਆਰਥਨ ਸੁਗੰਧੀ ਨੇ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਵੱਖ-ਵੱਖ ਹੁਨਰ ਮੁਕਾਬਲਿਆਂ ਵਿੱਚ ਨਾਂ ਸਿਰਫ ਆਪਣੇ ਮਾਤਾ ਪਿਤਾ ਦਾ ਸਗੋਂ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਕੀਤਾ। ਉਹਨਾਂ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੇ ਸੁਗੰਧੀ ਜੋ ਕਿ ਸਕੂਲ਼ ਵਿੱਚ ਨੌਵੀਂ ਕਲਾਸ ਦੀ ਵਿਦਿਆਰਥਨ ਹੈ, ਨੇ ਪਿਛਲੇ ਦਿਨੀ ‘ਦੀ ਬੀਟਸ ਵੈਬ ਚੈਨਲ’ ਵੱਲੋਂ ਕਰਵਾਏ ਗਏ ‘ਡਾਂਸ ਮੋਗਾ ਡਾਂਸ-2’ ਮੁਕਾਬਲੇ ਦੌਰਾਨ ਫਾਈਨਲ ਰਾਊਂਡ ਵਿੱਚ ਪਹੁੰਚੇ ਕੇ ਦੂਜਾ ਸਥਾਨ ਹਾਸਿਲ ਕੀਤਾ ਜਿਸ ਲਈ ਉਸਨੂੰ ਡਾਂਸ ਮੋਗਾ ਡਾਂਸ-2 ਦੇ ਪ੍ਰਬੰਧਕਾਂ ਅਤੇ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ ਸੈਣੀ ਜੀ ਵੱਲੋਂ ਟ੍ਰਾਫੀ, ਮੈਡਲ ਅਤੇ ਸਰਟੀਫਿਕੇਟ ਦੇ ਨਾਲ 11000/- ਰੁਪਏ ਦਾ ਨਕਦ ਇਨਾਮ ਦੇਕੇ ਸਨਮਾਨਿਆ ਗਿਆ। ਮੈਡਮ ਨੇ ਅੱਗੇ ਦੱਸਿਆ ਕਿ ਇਹ ਮੁਕਾਬਲੇ ਬੀਤੀ 29 ਦਸੰਬਰ ਨੂੰ ਮੋਗਾ ਵਿਖੇ ਕਰਵਾਏ ਗਏ ਸਨ। ਇਹਨਾਂ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ ਦੇ ਡਾਂਸ ਮੁਕਾਬਲੇ ਅਤੇ ਮਾਡਲਿੰਗ ਦੇ ਮੁਕਾਬਲੇ ਹੋਏ ਸਨ। ਡਾਂਸ ਮੁਕਾਬਲਿਆਂ ਵਿੱਚ 50 ਦੇ ਕਰੀਬ ਪ੍ਰਤੀਯੋਗੀ ਸਨ। ਸੁਗੰਧੀ ਨੇ 13-16 ਸਾਲ ਉਮਰ ਵਰਗ ਵਿੱਚ ਖੇਤਰੀ ਡਾਂਸ ਮੁਕਾਬਲਿਆਂ ਵਿੱਚ ਮਹਾਰਾਸ਼ਟਰ ਦੇ ਮਸ਼ਹੂਰ ਡਾਂਸ ‘ਲਾਵਨੀ’ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਮੈਡਮ ਨੇ ਦੱਸਿਆ ਕਿ ਸੁਗੰਧੀ ਨੂੰ ਬਚਪਨ ਤੋਂ ਹੀ ਡਾਂਸ ਸਿੱਖਣ ਦਾ ਸ਼ੌਂਕ ਹੈ ਅਤੇ ਉਹ ਛੋਟੀ ਉਮਰ ਤੋਂ ਹੀ ਲਗਾਤਾਰ ਵੱਖ-ਵੱਖ ਪ੍ਰਕਾਰ ਦੇ ਡਾਂਸ ਸਿੱਖਦੀ ਅਤੇ ਉਹਨਾਂ ਦਾ ਅਭਿਆਸ ਕਰਦੀ ਆ ਰਹੀ ਹੈ। ਸਕੂਲ਼ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਓਹਾਰਾਂ ਦੌਰਾਨ ਵੀ ਉਸਦੀ ਸ਼ਿਰਕਤ ਕਾਬਿਲੇ ਤਰੀਫ ਹੁੰਦੀ ਹੈ। ਇਸ ਮੌਕੇ ਸਕੁਲ਼ ਚੇਅਰਪਰਸਨ ਮੈਡਮ ਕਮਲ ਸੈਣੀ ਜੀ ਵੱਲੋਂ ਸੁਗੰਧੀ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਗਈ। ਉਹਨਾਂ ਕਿਹਾ ਕਿ ਸਕੂਲ਼ ਇਸ ਬੱਚੀ ਦੀ ਉਪਲੱਬਧੀ ਉੱਪਰ ਮਾਨ ਮਹਿਸੂਸ ਕਰਦਾ ਹੈ ਅਤੇ ਇਹ ਸ਼ੁੱਭਕਾਮਨਾਵਾਂ ਦਿੰਦਾ ਹੈ ਕਿ ਇਹ ਬੱਚੀ ਭਵਿੱਖ ਵਿੱਚ ਹੋਰ ਵੀ ਵੱਡੀਆਂ ਮੱਲਾਂ ਮਾਰੇ ਜਿਸ ਨਾਲ ਆਪਣਾ, ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਂ ਹੋਰ ਵੀ ਰੌਸ਼ਨ ਕਰ ਸਕੇ। ਸਕੂਲ਼ ਵਿੱਚ ਅਸੈਂਬਲੀ ਮੋਕੇ ਸੁਗੰਧੀ ਨੂੰ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਾਹਮਣੇ ਸਟੇਜ ਉੱਪਰ ਬੁਲਾ ਕੇ ਉਸਦਾ ਸਨਮਾਨ ਕੀਤਾ ਗਿਆ।